Amritsar
ਮੰਡੀਆਂ ਤੋਂ ਗੁਦਾਮਾਂ ਤੱਕ ਕਣਕ ਢੋਣ ਲਈ ਟਰੈਕਟਰ-ਟਰਾਲੀਆਂ ਨੂੰ ਮਿਲੀ ਇਜਾਜਤ
ਸ੍ਰੀ ਅੰਮ੍ਰਿਤਸਰ ਸਾਹਿਬ 27 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਪੰਜਾਬ ਸਰਕਾਰ ਨੇ ਕਣਕ ਦੀ ਮੰਡੀਆਂ ਵਿੱਚੋਂ ਚੁਕਾਈ ਤੇਜ ਕਰਨ ਲਈ ਟਰੈਕਟਰ ਟਰਾਲੀਆਂ ਨੂੰ ਗੁਦਾਮਾਂ ਤੱਕ ਕਣਕ ਢੋਣ ਦੀ ਆਗਿਆ ਦੇ ਦਿੱਤੀ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਨਾਲ ਢੋਆ ਢੁਆਈ ਦਾ ਕੰਮ ਅਸਾਨ ਹੋਵੇਗਾ ਅਤੇ ਨਾਲ ਹੀ ਕਈ ਕਿਸਾਨਾਂ ਨੂੰ ਆਮਦਨ ਦਾ ਸਾਧਨ ਵੀ ਮਿਲੇਗਾ।
ਉਨ੍ਹਾਂ ਦੱਸਿਆ ਕਿ ਮੰਡੀ ਯਾਰਡ ਤੋਂ 25 ਕਿਲੋਮੀਟਰ ਤੱਕ ਅਨਾਜ ਦੀ ਢੋਆ-ਢੁਆਈ ਲਈ ਟਰੈਕਟਰ ਟਰਾਲੀਆਂ ਨੂੰ ਪਰਮਿਟ ਜਾਰੀ ਕੀਤੇ ਜਾਣਗੇ ਅਤੇ ਇਸ ਲਈ ਸਕੱਤਰ, ਖੇਤਰੀ ਟਰਾਂਸਪੋਰਟ ਅਥਾਰਟੀ ਅਤੇ ਬਾਕੀ ਸਬ ਡਵੀਜ਼ਨਾਂ ਵਿੱਚ ਉਪ ਮੰਡਲ ਮੈਜਿਸਟ੍ਰੇਟ ਨੂੰ ਪਰਮਿਟ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ। ਅਨਾਜ ਦੀ ਢੋਆ-ਢੁਆਈ ਦੇ ਸੀਮਤ ਉਦੇਸ਼ ਲਈ ਟਰੈਕਟਰ-ਟਰਾਲੀ, ਕਿਸੇ ਮੰਡੀ ਯਾਰਡ/ਖਰੀਦ ਕੇਂਦਰ ਤੋਂ 25 ਕਿਲੋਮੀਟਰ ਤੋਂ ਵੱਧ ਦੂਰੀ ਵਾਲੇ ਡਿਲੀਵਰੀ ਪੁਆਇੰਟ ਤੱਕ, ਜਿਸ ਵਿੱਚੋਂ ਵੱਧ ਤੋਂ ਵੱਧ 12 ਕਿਲੋਮੀਟਰ ਰਾਜ ਮਾਰਗ/ਰਾਸ਼ਟਰੀ ਮਾਰਗ ‘ਤੇ ਹੋ ਸਕਦਾ ਹੈ, ਦਾ ਪਰਮਿਟ ਜਾਰੀ ਕੀਤਾ ਜਾਵੇਗਾ। ਇਹ ਟਰੈਕਟਰ ਟਰਾਲੀਆਂ ਮੰਡੀਆਂ ਤੋਂ ਗੋਦਾਮ, ਪਲੰਥ, ਰੇਲ ਗੱਡੀ ਦੀ ਪਹੁੰਚ ਤੱਕ ਕਣਕ ਦੀ ਢੋਆ ਢੁਆਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਮੋਟਰ ਵਹੀਕਲ ਰੂਲਜ਼, 1989 ਦੇ ਨਿਯਮ 67 ਅਧੀਨ ਪਰਮਿਟ ਦੇਣ ਲਈ ਅਰਜ਼ੀ ਫੀਸ ਅਤੇ ਪੰਜਾਬ ਮੋਟਰ ਵਹੀਕਲ ਰੂਲਜ਼, 1989 ਦੇ ਨਿਯਮ 68 ਦੇ ਤਹਿਤ ਪਰਮਿਟ ਫੀਸ ਇਸ ਵਿੱਚ ਨੋਟੀਫਾਈ ਕੀਤੀ ਜਾਵੇਗੀ।
ਟਰਾਲੀਆਂ ਨੂੰ ਰਜਿਸਟ੍ਰੇਸ਼ਨ ਲਈ ਦਫ਼ਤਰ ਨਹੀਂ ਬੁਲਾਇਆ ਜਾਵੇਗਾ ਅਤੇ ਮੌਕੇ ‘ਤੇ ਹੀ ਰਜਿਸਟਰੇਸ਼ਨ ਸਰਟੀਫਿਕੇਟ ਤੇ ਪਰਮਿਟ ਜਾਰੀ ਕੀਤੇ ਜਾ ਸਕਦੇ ਹਨ।