Crime
ਦਿੱਲੀ-ਕੱਟੜਾ ਐਕਸਪ੍ਰੈਸ ਵੇਅ ’ਤੇ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲਿਆ
ਮ੍ਰਿਤਕ ਦੇਹ ਨੂੰ ਮੁੱਖ ਮਾਰਗ ’ਤੇ ਰੱਖ ਕੇ ਜਾਮ ਲਗਾਇਆ, ਕਾਰਵਾਈ ਕਰਨ ਦੇ ਭਰੋਸੇ ਉਪਰੰਤ ਧਰਨਾ ਸਮਾਪਤ
ਭਵਾਨੀਗੜ੍ਹ, 4 ਜੂਨ (ਦਿਵਿਆ ਸਵੇਰਾ ਟੀਮ)
ਭਵਾਨੀਗੜ੍ਹ-ਸੁਨਾਮ ਮੁੱਖ ਮਾਰਗ ’ਤੇ ਬੀਤੀ ਰਾਤ ਪਿੰਡ ਝਨੇੜੀ ਨੇੜੇ ਦਿੱਲੀ ਕੱਟੜਾ ਐਕਸਪ੍ਰੈਸ-ਵੇਅ ’ਤੇ ਮਿੱਟੀ ਪਾਉਣ ਦਾ ਕੰਮ ਕਰਨ ਵਾਲੇ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ। ਟਿੱਪਰ ਕਰੀਬ 80 ਫੁੱਟ ਤੱਕ ਦੀ ਦੂਰੀ ਤੱਕ ਮੋਟਰਸਾਈਕਲ ਨੂੰ ਘਸੀਟ ਕੇ ਲੈ ਗਿਆ ਜਿਸ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਿੱਪਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਸੜਕ ਹਾਦਸੇ ਤੋਂ ਬਾਅਦ ਰੋਹ ਵਿੱਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜ਼ਾਰੀ ਦੇ ਰੋਸ ਵਜੋਂ ਦੇਰ ਰਾਤ ਹੀ ਮ੍ਰਿਤਕ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਭਵਾਨੀਗੜ੍ਹ-ਸੁਨਾਮ ਰੋਡ ’ਤੇ ਜਾਮ ਲਗਾ ਦਿੱਤਾ ਅਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਦੀ ਚਿਤਾਵਨੀ ਦਿੱਤੀ। ਅੱਜ ਸਵੇਰੇ ਘਟਨਾ ਸਥਾਨ ’ਤੇ ਪਹੁੰਚੇ ਡੀਐੱਸਪੀ ਮੋਹਿਤ ਅਗਰਵਾਲ ਅਤੇ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਿੱਪਰ ਦੇ ਡਰਾਈਵਰ ਸੁਖਦੇਵ ਸਿੰਘ ਗੋਗੀ ਵਾਸੀ ਵਜੀਦਪੁਰ ਖਿਲਾਫ਼ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ।