Ludhiana - Khanna
ਸੂਬੇ ਅੰਦਰ ਲੱਗ ਰਹੇ ਲੰਬੇ – ਲੰਬੇ ਬਿਜਲੀ ਕੱਟਾਂ ਤੋਂ ਲੋਕ ਡਾਢੇ ਪ੍ਰੇਸ਼ਾਨ – ਹਰਵਿੰਦਰ ਕਲੇਰ
ਲੁਧਿਆਣਾ , 4 ਜੁਲਾਈ (ਡਾ ਤਰਲੋਚਨ)
ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਖੁਸ਼ ਕਰਨਾ ਬਹੁਤ ਔਖਾ ਹੈ , ਜਦੋਂ ਬਿਜਲੀ ਨਾ ਹੋਵੇ । ਆਮ ਆਦਮੀ ਪਾਰਟੀ ਵੱਲੋ ਚੋਣਾਂ ਸਮੇਂ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ , ਭਾਵੇਂ ਉਸ ਵਾਅਦੇ ਨੂੰ ਕਿਸੇ ਹੱਦ ਤੱਕ ਬੂਰ ਜ਼ਰੂਰ ਪਿਆ ਹੈ , ਪਰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਦੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਰਹੀ । ਭਗਵੰਤ ਮਾਨ ਸਰਕਾਰ ਵੱਲੋਂ ਜੇਕਰ ਆਪਣਾ ਧਿਆਨ ਇਸ਼ਤਿਹਾਰਾਂ ਤੇ ਪੈਸੇ ਖਰਾਬ ਕਰਨ ਦੀ ਬਜਾਏ ਸੂਬੇ ਅੰਦਰ ਬਿਜਲੀ ਦੀ ਸਪਲਾਈ ਨੂੰ ਪੂਰਾ ਕਰਨ ਵਿੱਚ ਲਗਾਇਆ ਹੁੰਦਾ ਤਾਂ ਅੱਜ ਲੋਕਾਂ ਨੂੰ ਗਰਮੀ ‘ਚ ਬਿਜਲੀ ਦੇ ਲੱਗ ਰਹੇ ਲੰਬੇ – ਲੰਬੇ ਕੱਟਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ । ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਵਾਰਡ ਨੰ : 36 ਤੋਂ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਇੱਕ ਪ੍ਰੈੱਸ ਨੋਟ ਰਾਹੀਂ ਕੀਤਾ । ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਬਿਜਲੀ ਦੇ ਲੰਬੇ – ਲੰਬੇ ਕੱਟ ਲੱਗ ਰਹੇ ਹਨ । ਉਸ ਨਾਲ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸ. ਕਲੇਰ ਨੇ ਕਿਹਾ ਕਿ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਜਦੋਂ ਆਪਣੇ ਕੰਮਕਾਜ ਤੋਂ ਛੁੱਟੀ ਕਰਕੇ ਘਰਾਂ ਨੂੰ ਪਰਤਦੇ ਹਨ ਤਾਂ ਉਸ ਸਮੇਂ ਘਰਾਂ ਦੀ ਬੱਤੀ ਵੀ ਗੁੱਲ ਹੁੰਦੀ ਹੈ ਅਤੇ ਇੰਨਵਰਟਰ ਵੀ ਜਵਾਬ ਦੇ ਜਾਂਦੇ ਹਨ । ਜਿਸ ਕਾਰਨ ਉਨ੍ਹਾਂ ਨੂੰ ਸਵੇਰੇ ਕੰਮਾਂ ਤੇ ਜਾਣਾ ਵੀ ਬਹੁਤ ਔਖਾ ਹੁੰਦਾ ਹੈ । ਸ . ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਵਾ ‘ਚ ਕੀਤੇ ਵਾਅਦਿਆਂ ਦਾ ਅੱਜ ਸੂਬੇ ਦੇ ਲੋਕਾਂ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ।