Agriculure
ਤੇਜ ਰਫਤਾਰ ਆਏ ਝੱਖੜ ਕਾਰਨ ਲੱਗੀ ਅੱਗ ਨੇ ਪਸ਼ੂਆਂ ਅਤੇ ਤੂੜੀ ਵੀ ਕੀਤਾ ਵੱਡਾ ਨੁਕਸਾਨ
ਭਵਾਨੀਗੜ੍ਹ, 18 ਮਈ (ਦਿਵਿਆ ਸਵੇਰਾ ਟੀਮ)
ਬੀਤੀ ਅੱਧੀ ਰਾਤ ਆਏ ਤੇਜ਼ ਰਫ਼ਤਾਰ ਝੱਖੜ ਦੌਰਾਨ ਲੱਗੀ ਅੱਗ ਕਾਰਣ ਨੇੜਲੇ ਪਿੰਡ ਬੀਂਬੜੀ ਦੇ ਮਜ਼ਦੂਰ ਪਰਿਵਾਰਾਂ ਦੇ ਤੂੜੀ ਦੇ ਕੁੱਪਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ।
ਪਿੰਡ ਬੀਂਬੜੀ ਦੇ ਮਜ਼ਦੂਰ ਜਗਸੀਰ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਨੂੰ ਤੇਜ਼ ਹਨੇਰੀ ਕਾਰਨ ਉਸ ਦੇ ਦੋ ਕੁੱਪਾਂ ਨੂੰ ਅੱਗ ਲੱਗ ਗਈ। ਇਨ੍ਹਾਂ ਕੁੱਪਾਂ ਵਿੱਚ ਤੂੜੀ ਖ਼ਰੀਦ ਕੇ ਪਾਈ ਹੋਈ ਸੀ, ਜੋ ਸੜ ਕੇ ਸੁਆਹ ਹੋ ਗਈ।
ਇਸੇ ਤਰ੍ਹਾਂ ਮਜ਼ਦੂਰ ਜੱਗਾ ਸਿੰਘ ਨੇ ਦੱਸਿਆ ਕਿ ਭਿਆਨਕ ਰੂਪ ਵਿੱਚ ਫੈਲੀ ਅੱਗ ਨੇ ਉਸ ਦੇ ਤੂੜੀ ਦੇ ਕੁੱਪ ਅਤੇ ਵਰਾਂਡੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਵਰਾਂਡੇ ਵਿੱਚ ਪਈ ਤੂੜੀ ਨੂੰ ਅੱਗ ਲੱਗਣ ਨਾਲ ਵਰਾਂਡੇ ਵਿੱਚ ਹੀ ਬੰਨੇਂ ਹੋਏ 7 ਪਸ਼ੂਆਂ ਵਿੱਚੋਂ ਇੱਕ ਤਾਜ਼ਾ ਸੂਈ ਹੋਈ ਗਾਂ ਝੁਲਸ ਜਾਣ ਕਾਰਣ ਮੌਤ ਦੇ ਮੂੰਹ ਵਿੱਚ ਪੈ ਗਈ, ਜਦੋਂ ਕਿ ਇੱਕ ਮੱਝ ਤੇ ਇਕ ਗਾਂ ਬੁਰੀ ਤਰਾਂ ਝੁਲਸੇ ਗਏ। ਵਰਾਂਡੇ ਦੀ ਛੱਤ ਅਤੇ ਤੂੜੀ ਸੜ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਲੋਕਾਂ ਨੇ ਅੱਗ ਬੁਝਾਉਣ ਦਾ ਯਤਨ ਕੀਤਾ ਅਤੇ ਬਾਅਦ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਨੇ ਦੋ ਘੰਟਿਆਂ ਦੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ।
ਪਿੰਡ ਦੇ ਨੰਬਰਦਾਰ ਕੁਲਜੀਤ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਮਜ਼ਦੂਰ ਪਰਿਵਾਰਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮਜ਼ਦੂਰ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਸੇ ਤਰ੍ਹਾਂ ਪਿੰਡ ਰਾਮਪੁਰਾ ਵਿਖੇ ਕਿਸਾਨ ਭੁਪਿੰਦਰ ਸਿੰਘ ਦੇ ਵਰਾਂਡੇ ਵਿੱਚ ਪਈ 5 ਟਰਾਲੀਆਂ ਦੀ ਤੂੜੀ ਸੜ ਗਈ ਅਤੇ ਮਜ਼ਦੂਰ ਹਰਬੰਸ ਸਿੰਘ ਦਾ ਤੂੜੀ ਦਾ ਕੁੱਪ ਸੜ ਗਿਆ।