Crime
ਬਦੋਵਾਲ ਸਰਕਾਰੀ ਸਕੂਲ ਵਿੱਚ ਵਾਪਰਿਆ ਵੱਡਾ ਹਾਦਸਾ:- ਸਕੂਲ ਦੀ ਛੱਤ ਡਿੱਗਣ ਕਾਰਨ ਇੱਕ ਅਧਿਆਪਕਾਂ ਦੀ ਮੌਕੇ ਤੇ ਹੋਈ ਮੌਤ, ਤਿੰਨ ਗੰਭੀਰ ਜ਼ਖਮੀ
ਲੁਧਿਆਣਾ 23 ਅਗਸਤ (ਮਨਦੀਪ ਸਿੰਘ ਦੁੱਗਲ)
ਲੁਧਿਆਣਾ ਬੱਦੋਵਾਲ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਚਾਰ ਅਧਿਆਪਕਾਂ ਦੇ ਮਲਬੇ ਹੇਠਾਂ ਦੱਬੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਵਿੱਚੋਂ 3 ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਦ ਕਿ ਇੱਕ ਅਧਿਆਪਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਕੇ ਦਿੱਤੀ ਅਤੇ ਲਿਖਿਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਤੋਂ ਬਹੁਤ ਹੀ ਦੁਖਦਾਈ ਸੂਚਨਾ ਮਿਲੀ ਹੈ ਕਿ ਸਕੂਲ਼ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਰਕੇ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ ਸਨ। ਜਿੰਨਾਂ ਵਿੱਚੋਂ ਇੱਕ ਅਧਿਆਪਕ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਮੈਂ ਸਿੱਖਿਆ ਵਿਭਾਗ ਦੇ ਸਾਰੇ ਅਫਸਰਾਂ ਅਤੇ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੂੰ ਤੁਰੰਤ ਹਰ ਸੰਭਵ ਸਹਾਇਤਾ ਪਹੁੰਚਾਉਣ ਬਾਰੇ ਕਹਿ ਦਿੱਤਾ ਹੈ। ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਇਹ ਅਤੀ ਦੁਖਦਾਈ ਭਾਣਾ ਮੰਨਣ ਦੀ ਤਾਕਤ ਬਖਸ਼ਣ ਦੀ ਅਰਦਾਸ ਕਰਦਾ ਹਾਂ। ਘਟਨਾ ਤੋਂ ਬਾਅਦ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਵਿੱਚ ਜੁੱਟ ਗਏ। ਮੁਲਬੇ ਹੇਠੋਂ ਕੱਢੇ ਗਏ ਅਧਿਆਪਕਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਸਮੇਂ ਬੱਚੇ ਵੀ ਸਕੂਲ ‘ਚ ਸੀ। ਜ਼ਖਮੀਆਂ ਦੀ ਪਛਾਣ ਨਰਿੰਦਰਜੀਤ ਕੌਰ, ਇੰਦੂ ਰਾਣੀ ਅਤੇ ਸੁਰਜੀਤ ਕੌਰ ਵਜੋਂ ਹੋਈ ਹੈ, ਜਦ ਕਿ ਮ੍ਰਿਤਕ ਅਧਿਆਪਕਾਂ ਦੀ ਪਛਾਣ ਰਵਿੰਦਰਪਾਲ ਕੌਰ ਵਜੋਂ ਕੀਤੀ ਗਈ। ਲੁਧਿਆਣਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਸਕੂਲ ਨੂੰ ਸੀਲ ਕਰਕੇ ਮੈਜਿਸਟਰੇਟ ਜਾਂਚ ਕਾਰਨ ਦੇ ਹੁਕਮ ਦਿੱਤੇ ਗਏ ਹਨ। ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।