Crime
ਅਫ਼ੀਮ ਦੀ ਸਪਲਾਈ ਦੇਣ ਜਾ ਰਹੇ ਦੋ ਨਸ਼ਾ ਤਸਕਰਾਂ ਨੂੰ ਮੋਟਸਾਈਕਲ ਸਣੇ ਕੀਤਾ ਕਾਬੂ
ਐਂਟੀਨਾਰਕੋਟਿਕ ਸੈੱਲ ਦੀ ਟੀਮ ਨੇ ਚਾਰ ਕਿਲੋ ਅਫੀਮ ਬਰਾਮਦ ਕਰਕੇ ਕੀਤਾ ਕੇਸ ਦਰਜ
ਲੁਧਿਆਣਾ 18 ਮਈ (ਅੰਮ੍ਰਿਤਪਾਲ ਸਿੰਘ ਸੋਨੂੰ)
ਐਂਟੀਨਾਰਕੋਟਿਕ ਸੈੱਲ ਦੀ ਟੀਮ ਨੇ ਚਾਰ ਕਿਲੋ ਅਫੀਮ ਸਣੇ ਦੋ ਨਸ਼ਾ ਸਮਗਲਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਏਸੀਪੀ ਕਰਾਈਮ ਅਸ਼ੋਕ ਕੁਮਾਰ ਅਤੇ ਐਂਟੀਨਾਰਕੋਟਿਕ ਸੈੱਲ ਦੇ ਮੁਖੀ ਇੰਸਪੈਕਟਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਉਹਨਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ, ਜਦੋਂ ਐਂਟੀਨਾਰਕੋਟਿਕ ਸੈੱਲ ਦੀ ਪੁਲਿਸ ਪਾਰਟੀ ਅਰੋੜਾ ਪੈਲਸ ਨਜਦੀਕ ਦਾਣਾ ਮੰਡੀ ਵਿਖੇ ਮੌਜੂਦ ਸੀ, ਤਾਂ ਇਸ ਦੌਰਾਨ ਮੁਖਬਰ ਦੀ ਇਤਲਾਹ ਤੇ ਜਸਵੰਤ ਸਿੰਘ ਉਰਫ ਮਾਨ ਵਾਸੀ ਭਾਈ ਹਿੰਮਤ ਸਿੰਘ ਨਗਰ ਦੁਗਰੀ ਅਤੇ ਹਰਜਿੰਦਰ ਸਿੰਘ ਉਰਫ ਜਿੰਦਰੀ ਵਾਸੀ ਪਿੰਡ ਗੁੱਜਰਵਾਲ ਜੋਧਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਗ੍ਰਾਹਕਾਂ ਨੂੰ ਅਫੀਮ ਦੀ ਸਪਲਾਈ ਦੇਣ ਜਾ ਰਹੇ ਸਨ। ਜਿੰਨਾ ਪਾਸ ਰੱਖੇ ਕਾਲੇ ਰੰਗ ਦੇ ਬੈਗ ਵਿੱਚੋਂ ਚਾਰ ਕਿਲੋ ਅਫੀਮ ਬਰਾਮਦ ਹੋਈ। ਜਿਨ੍ਹਾਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਮਾਡਲ ਟਾਊਨ ਵਿਖੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਪੇਸ਼ ਅਦਾਲਤ ਕੀਤਾ ਗਿਆ। ਜਿਥੇ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਕਿ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।