ਲੁਧਿਆਣਾ 26 ਅਪ੍ਰੈਲ (ਮਨਦੀਪ ਸਿੰਘ)
ਲੁਧਿਆਣਾ‘ਚ ਗੋਲੀ ਲੱਗਣ ਨਾਲ ਇਕ ਨਾਬਾਲਿਗ ਸ਼ੂਟਿੰਗ ਪਲੇਅਰ ਦੀ ਮੌਤ ਹੋ ਗਈ ਹੈ। ਗੋਲੀ ਨੌਜਵਾਨ ਦੇ ਸਿਰ ‘ਚੋਂ ਲੰਘ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ 32 ਬੋਰ ਦਾ ਪਿਸਤੌਲ ਸਾਫ਼ ਕਰ ਰਿਹਾ ਸੀ।
ਗੋਲੀਬਾਰੀ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਦੌੜ ਕੇ ਆਏ ਅਤੇ ਖੂਨ ਨਾਲ ਲੱਥਪੱਥ ਲਾਸ਼ ਦੇਖ ਕੇ ਰੌਲਾ ਪਾਇਆ। ਇਲਾਕੇ ਦੇ ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕ ਖਿਡਾਰੀ ਦਾ ਅੰਤਿਮ ਸਸਕਾਰ ਉਸ ਦੇ ਪਿਤਾ ਅਨੂਪ ਸਿੰਘ ਦੇ ਕੈਨੇਡਾ ਤੋਂ ਪਰਤਣ ਤੋਂ ਬਾਅਦ ਕੀਤਾ ਜਾਵੇਗਾ।
ਮ੍ਰਿਤਕ ਖਿਡਾਰੀ ਦੀ ਪਛਾਣ ਇਸ਼ਪ੍ਰੀਤ (17) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਇਸ਼ਪ੍ਰੀਤ ਬਹੁਤ ਵਧੀਆ ਖਿਡਾਰੀ ਵੀ ਸੀ। ਹਾਲ ਹੀ ਵਿੱਚ, ਇਸ਼ਪ੍ਰੀਤ ਨੇ ਚੰਡੀਗੜ੍ਹ ਵਿੱਚ ਹੋਏ ਇੱਕ ਸ਼ੂਟਿੰਗ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ, ਜਿਸ ਨਾਲ ਪਰਿਵਾਰ ਵਿੱਚ ਜਸ਼ਨਾਂ ਦਾ ਮਾਹੌਲ ਸੀ। ਇਸ਼ਪ੍ਰੀਤ ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ। ਇਕ ਭੈਣ ਵਿਦੇਸ਼ ਵਿਚ ਪੜ੍ਹਦੀ ਹੈ ਅਤੇ ਦੂਜੀ ਉਨ੍ਹਾਂ ਨਾਲ ਰਹਿੰਦੀ ਹੈ। ਪੁਲਿਸ ਮੁਤਾਬਕ ਫਿਲਹਾਲ ਮਾਮਲੇ ‘ਚ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਦੇ ਆਉਣ ਤੋਂ ਬਾਅਦ ਹੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।