Crime
24 ਘੰਟਿਆਂ ਵਿੱਚ ਕੇਸ ਨੂੰ ਕੀਤਾ ਹੱਲ:-ਏਟੀਐਮ ਬਦਲ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਬਣਾਉਂਦੇ ਸਨ ਨਿਸ਼ਾਨਾ
ਧੋਖਾਧੜੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਨਾਮਜ਼ਦ
ਲੁਧਿਆਣਾ 18 ਮਈ (ਸ਼ੰਮੀ ਕੁਮਾਰ/ਮਨਦੀਪ ਸਿੰਘ)
ਥਾਣਾ ਟਿੱਬਾ ਦੀ ਪੁਲਿਸ ਨੇ ਏਟੀਐਮ ਬਦਲ ਕੇ ਪਰਵਾਸੀ ਮਜ਼ਦੂਰਾਂ ਨਾਲ ਧੋਖਾਧੜੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਸੀਪੀ ਈਸਟ ਗੁਰਦੇਵ ਸਿੰਘ, ਥਾਣਾ ਟਿੱਬਾ ਮੁਖੀ ਹਰਜਿੰਦਰ ਸਿੰਘ ਅਤੇ ਸੁਭਾਸ਼ ਨਗਰ ਚੌਂਕੀ ਇੰਚਾਰਜ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਪਾਸ ਰਾਜ ਕੁਮਾਰ ਵਾਸੀ ਕਰਮਸਰ ਕਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਜਬਰੀ ਉਸਦਾ ਏਟੀਐਮ ਕਾਰਡ ਖੋਹ ਕੇ ਉਸ ਦੇ ਵਿਚੋਂ 15500 ਰੁਪਏ ਦੀ ਨਗਦੀ ਕਢਵਾ ਲਈ ਗਈ ਹੈ। ਜਿਸ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ 24 ਘੰਟਿਆਂ ਦੇ ਅੰਦਰ ਏਟੀਐੱਮ ਕਾਰਡ ਲੁਟੇਰੇ ਰੋਹਿਤ ਵਾਸੀ ਪ੍ਰਭਾਤ ਨਗਰ ਢੋਲੇਵਾਲ, ਪ੍ਰਿੰਸ ਸ਼ਰਮਾ ਹਰਗੋਬਿੰਦ ਨਗਰ, ਕਪਿਲ ਬਖ਼ਸ਼ੀ ਜੈਨ ਕਲੋਨੀ ਅਤੇ ਸੁਭਮ ਸਿੰਘ ਵਾਸੀ ਮੁਹੱਲਾ ਹਰਗੋਬਿੰਦ ਨਗਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਵੱਖ-ਵੱਖ ਬੈਂਕਾਂ ਦੇ ਅਣਗਿਣਤ ਏਟੀਐਮ ਕਾਰਡ ਬਰਾਮਦ ਕੀਤੇ । ਜੋ ਜਬਰੀ ਰਾਹਗੀਰ ਪ੍ਰਵਾਸੀ ਮਜ਼ਦੂਰਾਂ ਤੋਂ ਹਥਿਆਰਾਂ ਦੀ ਨੋਕ ਤੇ ਖੋਹ ਕਰ ਲੈਂਦੇ ਸਨ। ਤੇ ਬਾਅਦ ਵਿੱਚ ਉਨ੍ਹਾਂ ਦੇ ਕਾਰਡ ਵਿੱਚੋਂ ਪੈਸੇ ਕਢਵਾ ਕੇ ਰਫੂਚੱਕਰ ਹੋ ਜਾਂਦੇ ਸਨ। ਜਿਸ ਤੇ ਪੁਲਸ ਨੇ ਗਿਰੋਹ ਦੇ ਸਾਰੇ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਥਾਣਾ ਟਿੱਬਾ ਵਿਖੇ ਮਾਮਲਾ ਦਰਜ ਕੀਤਾ। ਫੜੇ ਗਏ ਮੁਲਜ਼ਮਾਂ ਨੂੰ ਪੁਲੀਸ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਕਿ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।