Crime
ਬਰਨਾਲਾ ‘ਚ ਵਾਪਰੀ ਦੁਖਦਾਈ ਖ਼ਬਰ:- ਨਹਿਰ ‘ਚ ਡੁੱਬਣ ਕਾਰਣ ਹੋਈ ਦੋ ਨੌਜਵਾਨਾਂ ਦੀ ਮੌਤ
ਪਿੰਡ ਹਰੀਗੜ੍ਹ ਦੀ ਨਹਿਰ ਵਿਚ ਨਹਾ ਰਹੇ ਸਨ ਤਿੰਨੇ ਨੌਜਵਾਨ
ਬਰਨਾਲਾ 12 ਜੂਨ (ਦਿਵਿਆ ਸਵੇਰਾ ਟੀਮ)
ਇੱਕ ਪਾਸੇ ਤਾਂ ਅੱਤ ਦੀ ਗਰਮੀ ਨੇ ਪੰਜਾਬ ਦੇ ਲੋਕਾਂ ਦਾ ਜੀਨਾ ਬੇਹਾਲ ਕੀਤਾ ਹੋਇਆ ਹੈ ਤੇ ਇਸੇ ਹੀ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਬਰਨਾਲਾ ਤੋਂ ਨੇੜਲੇ ਪਿੰਡ ਹਰੀਗੜ੍ਹ ਨਹਿਰ ’ਚ ਨਹਾਉਣ ਆਏ ਤਿੰਨ ਨੌਜਵਾਨਾਂ ਵਿਚੋਂ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਜੇ ਸਿੰਘ ਪੁੱਤਰ ਬਲਕਾਰ ਸਿੰਘ, ਭਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਤੇ ਸਰਤਾਜ ਖਾਂ ਪੁੱਤਰ ਨਸੀਮ ਖਾਨ ਨਾਲ ਹਰੀਗੜ੍ਹ ਵਿਖੇ ਨਹਿਰ ’ਚ ਨਹਾਉਣ ਆਏ ਸੀ। ਵਿਜੇ ਸਿੰਘ ਤੇ ਭੁਪਿੰਦਰ ਸਿੰਘ ਡੂੰਘੇ ਪਾਣੀ ’ਚ ਚਲੇ ਗਏ, ਜਦਕਿ ਸਰਤਾਜ ਖਾਨ ਬਚ ਕੇ ਵਾਪਸ ਆ ਗਿਆ ਤੇ ਦੂਜੇ ਨੌਜਵਾਨ ਪਾਣੀ ਡੂੰਘਾ ਹੋਣ ਕਰ ਕੇ ਬਚ ਨਾ ਸਕੇ ਤੇ ਡੁੱਬ ਗਏ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਕੁਝ ਹੀ ਘੰਟਿਆਂ ਬਾਅਦ ਬਰਾਮਦ ਕਰ ਲਿਆ ਗਿਆ। ਥਾਣਾ ਧਨੌਲਾ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਬਰਨਾਲਾ ਵਿਖੇ ਭੇਜ ਦਿੱਤਾ ਸੀ, ਜਿਨ੍ਹਾਂ ਦਾ ਬਾਅਦ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।