Politics
ਸਰਕਾਰ ਵਿਜੀਲੈਂਸ ਦਾ ਡਰ ਦਿਖਾ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਨਾ ਚਾਹੁੰਦੀ ਹੈ : ਅਰਵਿੰਦ ਖੰਨਾ
ਪਾਰਟੀ ਦੇ ਨਵ-ਨਿਯੁਕਤ ਸੂਬਾ ਕਮੇਟੀ ਮੈਂਬਰ ਗੁਰਤੇਜ ਸਿੰਘ ਝਨੇੜੀ ਨੂੰ ਦਿੱਤੀ ਮੁਬਾਰਕਬਾਦ
ਭਵਾਨੀਗੜ੍ਹ, 26 ਮਈ (ਦਿਵਿਆ ਸਵੇਰਾ ਟੀਮ)
ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਸ੍ਰੀ ਅਰਵਿੰਦ ਖੰਨਾ ਅੱਜ ਪਾਰਟੀ ਦੇ ਨਵ ਨਿਯੁਕਤ ਸੂਬਾ ਕਮੇਟੀ ਮੈਂਬਰ ਗੁਰਤੇਜ ਸਿੰਘ ਝਨੇੜੀ ਨੂੰ ਮਿਲਣ ਲਈ ਉਨ੍ਹ ਦੇ ਗ੍ਰਹਿ ਪੁੱਜੇ ਅਤੇ ਉਨ੍ਹਾਂ ਨੂੰ ਨਿਯੁਕਤੀ ਲਈ ਮੁਬਾਰਕਬਾਦ ਵੀ ਦਿੱਤੀ।
ਝਨੇੜੀ ਦੇ ਨਿਵਾਸ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਮਜ਼ਬੂਤੀ ਨਾਲ ਉਭਰ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਤੇਜ ਸਿੰਘ ਝਨੇੜੀ ਨੂੰ ਪਾਰਟੀ ਪ੍ਰਤੀ ਦਿਖਾਈਆਂ ਜਾ ਰਹੀਆਂ ਗਤੀਵਿਧੀਆਂ ਕਾਰਨ ਪਾਰਟੀ ਵੱਲੋਂ ਉਨ੍ਹਾਂ ਨੂੰ ਸੂਬਾ ਕਮੇਟੀ ਮੈਂਬਰ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਮਾਨਦਾਰ ਆਗੂਆਂ ਨੂੰ ਅੱਗੇ ਲਿਆ ਰਹੀ ਹੈ।
ਉਨ੍ਹਾਂ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ। ਸਰਕਾਰ ਦੇ ਸਾਰੇ ਕੰਮ ਬਚਕਾਨਾ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਸਾਲ ਵਿੱਚ ਸਿਰਫ਼ ਇਹ ਹੀ ਕੰਮ ਕੀਤਾ ਹੈ ਕਿ ਆਪਣੇ ਖਿਲਾਫ਼ ਉੱਠ ਰਹੀਆਂ ਵਿਰੋਧੀ ਸੁਰਾਂ ਨੂੰ ਵਿਜੀਲੈਂਸ ਦਾ ਡਰ ਪਾ ਕੇ ਉਨ੍ਹਾਂ ਦਾ ਮੂੰਹ ਬੰਦ ਕਰਵਾਉਣਾ, ਸਰਕਾਰ ਨੇ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ।
ਉਨਾਂ ਆਖਿਆ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਪਰ ਪੰਜਾਬ ਸਰਕਾਰ ਇਸ ਥੰਮ ਨੁੰ ਵੀ ਚਾਰੇ ਪਾਸਿਓਂ ਘੇਰਾ ਪਾਉਣ ਲਈ ਵਿਜੀਲੈਂਸ ਦੇ ਡਰਾਵੇ ਦੇ ਰਹੇ ਹਨ ਕਿਉਂਕਿ ਉਹ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੀ ਹੈ ਪਰ ਸਰਕਾਰ ਦੀ ਇਹ ਭੁੱਲ ਸਾਬਤ ਹੋਵੇਗੀ ਕਿਉਂਕਿ ਪੰਜਾਬ ਦੇ ਲੋਕ ਸਾਰਾ ਕੁਝ ਜਾਣ ਚੁੱਕੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਰਾਮ ਸਿੰਘ ਮੱਟਰਾਂ ਸਕੱਤਰ ਕਿਸਾਨ ਮੋਰਚਾ ਭਾਜਪਾ, ਬਾਬਾ ਹਰਜਿੰਦਰ ਪ੍ਰਕਾਸ਼ ਮੀਤ ਪ੍ਰਧਾਨ ਜ਼ਿਲ੍ਹਾ ਸੰਗਰੂਰ ਭਾਜਪਾ, ਕੁਲਵਿੰਦਰ ਸਿੰਘ ਭੱਟੀਵਾਲ ਜਨਰਲ ਸਕੱਤਰ ਕਿਸਾਨ ਮੋਰਚਾ ਜ਼ਿਲ੍ਹਾ ਸੰਗਰੂਰ, ਗੁਰਮੀਤ ਸਿੰਘ ਮੀਤਾ, ਅਵਤਾਰ ਦਾਸ, ਬਲਵੰਤ ਸਿੰਘ ਪੰਚ, ਪ੍ਰਦੀਪ ਕੁਮਾਰ ਪੰਚ ਅਤੇ ਗੁਰਜੰਟ ਸਿੰਘ ਤੋਂ ਇਲਾਵਾ ਹੋਰ ਵੀ ਭਾਜਪਾ ਦੇ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।